ਅਗੇਯ (ਸਚਿਦਾਨੰਦ ਹੀਰਾਨੰਦ ਵਾਤਸਾਯਨ) ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਗੇਯ (ਸਚਿਦਾਨੰਦ ਹੀਰਾਨੰਦ ਵਾਤਸਾਯਨ) (1911–1987) : ਆਧੁਨਿਕ ਹਿੰਦੀ ਕਵਿਤਾ ਦੇ ਵਿਕਾਸ ਵਿੱਚ ਅਗੇਯ ਦਾ ਨਾਂ ਪ੍ਰਯੋਗਵਾਦ ਦੇ ਮੋਢੀ ਵਜੋਂ ਵਿਸ਼ੇਸ਼ ਤੌਰ ਤੇ ਲਿਆ ਜਾਂਦਾ ਹੈ। ਉਸ ਨੇ ਆਪਣੇ ਸਮੇਂ ਦੇ ਅਨੇਕਾਂ ਕਵੀਆਂ ਨੂੰ ਇੱਕ ਮੰਚ ਪ੍ਰਦਾਨ ਕੀਤਾ। ਨਵ-ਲੇਖਨ ਦੀ ਨਵੀਂ ਦਿਸ਼ਾ ਪ੍ਰਦਾਨ ਕਰਨ ਵਿੱਚ ਉਸ ਦੀ ਭੂਮਿਕਾ ਬਹੁ- ਚਰਚਿਤ ਰਹੀ।

     ਅਗੇਯ ਦਾ ਜਨਮ ਕਸਿਯਾ (ਦੁਸ਼ੀਨਗਰ) ਜ਼ਿਲ੍ਹਾ ਦੇਵਰਿਯਾ ਵਿੱਚ 1911 ਵਿੱਚ ਹੋਇਆ। ਉਸ ਦਾ ਪੂਰਾ ਨਾਂ ਸਚਿਦਾਨੰਦ ਹੀਰਾਨੰਦ ਵਾਤਸਾਯਨ ਅਗੇਯ ਹੈ। 1929 ਵਿੱਚ ਉਸ ਨੇ ਬੀ.ਐਸ-ਸੀ. ਦੀ ਪਰੀਖਿਆ ਪਾਸ ਕੀਤੀ। ਇਸੇ ਦੌਰਾਨ ਉਸ ਨੇ ਕ੍ਰਾਂਤੀਕਾਰੀ ਅੰਦੋਲਨ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਉਸ ਨੂੰ ਕਈ ਵਾਰੀ ਜੇਲ੍ਹ ਜਾਣਾ ਪਿਆ। ਅਗੇਯ ਨੇ ਸੈਨਾ ਵਿੱਚ ਵੀ ਨੌਕਰੀ ਕੀਤੀ ਅਤੇ ਬਾਅਦ ਵਿੱਚ ਅਧਿਆਪਨ ਅਤੇ ਪੱਤਰਕਾਰਿਤਾ ਦਾ ਪੇਸ਼ਾ ਅਪਣਾਇਆ।ਪ੍ਰਤੀਕ ਨਾਮੀ ਸਾਹਿਤਿਕ ਪੱਤ੍ਰਿਕਾ ਦੇ ਨਾਲ ਨਾਲ ਵਿਸ਼ਾਲ ਭਾਰਤ, ਦਿਨਮਾਨ ਅਤੇ ਨਵ ਭਾਰਤ ਟਾਈਮਸ ਆਦਿ ਪਤ੍ਰਿਕਾਵਾਂ ਦੇ ਸੰਪਾਦਨ ਦਾ ਕਾਰਜ ਵੀ ਕੀਤਾ। ਹਿੰਦੀ ਦੇ ਉੱਚ-ਕੋਟੀ ਦੇ ਕਵੀ, ਕਥਾਕਾਰ ਤੇ ਸਮੀਖਿਅਕ ਹੋਣ ਦੇ ਨਾਲ-ਨਾਲ ਅਗੇਯ ਨੇ ਅੰਗਰੇਜ਼ੀ ਵਿੱਚ ਵੀ ਲਿਖਿਆ। ਇਸ ਰਚਨਾਕਾਰ ਦੇ ਜੀਨੀਅਸ ਹੋਣ ਦਾ ਸਹਿਜ ਪਰੀਚੈ ਉਸ ਦੀਆਂ ਮੁਢਲੀਆਂ ਲਿਖਤਾਂ ਤੋਂ ਹੀ ਮਿਲ ਜਾਂਦਾ ਹੈ। ਛੇ ਵਰ੍ਹਿਆਂ ਦੀ ਛੋਟੀ ਉਮਰ ਵਿੱਚ ਹੀ ਉਹ ਕਵਿਤਾ ਦੀ ਤੁਕਬੰਦੀ ਕਰਨ ਲੱਗ ਪਿਆ ਸੀ।

     ਉਸ ਦੀਆਂ ਪ੍ਰਕਾਸ਼ਿਤ ਰਚਨਾਵਾਂ ਇਸ ਤਰ੍ਹਾਂ ਹਨ-ਭਗਨਦੂਤ, ਚਿੰਤਾ, ਇਤਯਲਮ, ਹਰੀ ਘਾਸ, ਪਲ ਸ਼ਿਣ ਭਰ, ਬਾਵਰਾ ਅਹੇਰੀ, ਇੰਦਰਧਨੁਸ਼, ਰੌਂਦੇ ਹੁਏ ਯੇ, ਅਰੀ ਔ ਕਰੁਣਾ ਪ੍ਰਭਾਮਯ, ਆਂਗਨ ਕੇ ਪਾਰ ਦਵਾਰ, ਸੁਨੈਹਲੇ ਸ਼ੈਵਾਲ, ਕਿਤਨੀ ਨਾਵੋਂ ਮੇਂ ਕਿਤਨੀ ਬਾਰ, ਕਯੋਂਕਿ ਮੈਂ ਉਸੇ ਜਾਨਤਾ ਹੂੰ, ਸਾਗਰ, ਮੁਦ੍ਰਾ, ਪਹਲੇ ਮੈਂ, ਸੰਨਾੱਟਾ ਬੁਨਤਾ ਹੂੰ, ਨਦੀ ਕੀ ਬਾਂਕ ਪਰ ਛਾਯਾ, ਆਦਿ ਉਸ ਦੀਆਂ ਕਾਵਿ ਰਚਨਾਵਾਂ ਹਨ।

     ਵਿਪਥਗਾ, ਪਰੰਪਰਾ, ਕੋਠਰੀ ਕੀ ਬਾਤ, ਸ਼ਰਣਾਰਥੀ, ਜਯਢੋਲ ਯੇ ਤੇਰੇ ਪ੍ਰਤਿਰੂਪ ਉਸ ਦੇ ਕਹਾਣੀ-ਸੰਗ੍ਰਹਿ ਹਨ। ਸ਼ੇਖਰ ਏਕ ਜੀਵਨੀ (ਦੋ ਭਾਗ), ਨਦੀ ਕੇ ਦ੍ਵੀਪ, ਅਪਨੇ ਅਪਨੇ ਅਜਨਬੀ ਉਸ ਦੇ ਨਾਵਲ ਹਨ। ਇਹ ਮੂਲ ਰੂਪ ਵਿੱਚ ਮਨੋਵਿਗਿਆਨਿਕ ਨਾਵਲ ਹਨ। ਨਾਵਲਾਂ ਵਿੱਚ ਉਸ ਨੇ ਲੀਕ ਤੋਂ ਹੱਟ ਕੇ ਪਾਤਰ ਨੂੰ ਜੀਵੰਤ ਆਧਾਰ ਪ੍ਰਦਾਨ ਕੀਤਾ ਹੈ। ਸਹੀ ਅਰਥਾਂ ਵਿੱਚ ਅਗੇਯ ਇੱਕ ਪ੍ਰਤਿਭਾ ਸੰਪੰਨ ਮੌਲਿਕ ਰਚਨਾਕਾਰ ਹੈ।

     ਸ਼ਾਬਵਤੀ, ਆਤਮਨੇਪਦ, ਭਵੰਤੀ, ਅੰਤਰਾ ਆਦਿ ਉਸ ਦੇ ਨਿਬੰਧ ਸੰਗ੍ਰਹਿ ਹਨ ਅਤੇ ਅਰੇ ਯਾਯਾਵਰ ਰਹੇਗਾ ਯਾਦ, ਏਕ ਬੂੰਦ, ਸਹਸਾ ਉੱਛਲੀ ਆਦਿ ਰਚਨਾਵਾਂ ਉਸ ਦੇ ਸਫ਼ਰਨਾਮਾਕਾਰ ਹੋਣ ਦੀ ਗਵਾਹੀ ਭਰਦੀਆਂ ਹਨ।

     ਤਾਰ ਸਪਤਕ, ਦੂਸਰਾ ਸਪਤਕ, ਤੀਸਰਾ ਸਪਤਕ ਤਥਾ ਚੌਥਾ ਸਪਤਕ ਉਸ ਦੁਆਰਾ ਸੰਪਾਦਿਤ ਗ੍ਰੰਥ ਹਨ। ਇਹਨਾਂ ਦਾ ਇਤਿਹਾਸਿਕ ਮਹੱਤਵ ਸਭ ਨੇ ਮੰਨਿਆ ਹੈ। ਆਧੁਨਿਕ ਹਿੰਦੀ ਸਾਹਿਤ ਵਿੱਚ ਆਲੋਚਕ ਵਜੋਂ ਵੀ ਪ੍ਰਵਾਨ ਹੋਇਆ ਹੈ। ਅਗੇਯ ਬਾਰੇ ਇੱਕ ਗੱਲ ਸਾਰੇ ਵਿਦਵਾਨਾਂ ਨੇ ਸਵੀਕਾਰ ਕੀਤੀ ਹੈ ਕਿ ਉਹ ਬਹੁ-ਪੱਖੀ ਪ੍ਰਤਿਭਾ ਸੀ। ਉਸ ਨੇ ਭਾਰਤੀ ਤੇ ਪੱਛਮੀ ਕਲਾਸਕੀ ਸਾਹਿਤ ਪੂਰੀ ਤਰ੍ਹਾਂ ਆਤਮਸਾਤ ਕੀਤਾ ਸੀ। ਇਸੇ ਲਈ ਉਸ ਦੀਆਂ ਰਚਨਾਵਾਂ ਕਈ ਪੜ੍ਹਤਾਂ ਦੀ ਡੂੰਘੀ ਸਮਝ ਦੀ ਮੰਗ ਕਰਦੀਆਂ ਹਨ। ਪ੍ਰਯੋਗਸ਼ੀਲਤਾ ਉਸ ਦੀਆਂ ਰਚਨਾਵਾਂ ਦਾ ਮੂਲ ਆਧਾਰ ਰਿਹਾ। ਸੈਨਾ ਅਤੇ ਜਲ ਦੇ ਅਨੁਭਵਾਂ ਦੇ ਨਾਲ ਹੀ ਮਨੋਵਿਗਿਆਨ ਅਤੇ ਕਾਮ- ਸ਼ਾਸਤਰ (ਫ਼ਰਾਇਡ) ਦੀਆਂ ਅਨੇਕਾਂ ਸੂਖਮ ਪਰਤਾਂ ਉਸ ਦੀਆਂ ਕਵਿਤਾਵਾਂ ਤੇ ਨਾਵਲਾਂ ਵਿੱਚ ਵੇਖੀਆਂ ਜਾ ਸਕਦੀਆਂ ਹਨ।

     ਅਗੇਯ ਨੇ ਹਿੰਦੀ ਕਵਿਤਾ ਨੂੰ ਨਵੀਂ ਜ਼ਮੀਨ, ਭਾਵਭੂਮੀ ਤੇ ਸ਼ਿਲਪ ਪ੍ਰਦਾਨ ਕੀਤਾ। ਉਸ ਨੇ ਲਘੂ ਤੇ ਲੰਮੀ ਦੋਵਾਂ ਤਰ੍ਹਾਂ ਦੀਆਂ ਕਵਿਤਾਵਾਂ ਦੀ ਰਚਨਾ ਕੀਤੀ। ਸਹੀ ਅਰਥਾਂ ਵਿੱਚ ਉਸ ਨੂੰ ਪਛਾਣ ਦਾ ਕਵੀ ਕਿਹਾ ਜਾ ਸਕਦਾ ਹੈ। ਉਸ ਦੀਆਂ ਕਵਿਤਾਵਾਂ-ਕਲਪਨਾ, ਬਿੰਬ ਅਤੇ ਚਿਤਰਾਤਮਿਕ ਗੁਣਾਂ ਕਰ ਕੇ ਧਿਆਨ ਦੀ ਮੰਗ ਕਰਦੀਆਂ ਹਨ। ਇਸ ਕਵੀ ਨੇ ਆਪਣੇ ਪਹਿਲੇ ਸਮੇਂ ਦੇ ਛਾਇਅਵਾਦੀ ਕਵੀਆਂ-ਨਿਰਾਲਾ, ਪੰਤ, ਪ੍ਰਸਾਦ ਦੀਆਂ ਰਚਨਾਵਾਂ ਵਾਂਗ ਪ੍ਰਕਿਰਤੀ ਦੀ ਸੁੰਦਰਤਾ ਨੂੰ ਅਨੇਕ ਰੂਪਾਂ ਵਿੱਚ ਚਿਤਰਿਤ ਕੀਤਾ। ਇਸ ਵਿੱਚ ਵੀ ਇਹ ਕਵੀ ਪ੍ਰਯੋਗਸ਼ੀਲਤਾ ਦਾ ਪ੍ਰਮਾਣ ਦਿੰਦਾ ਹੈ। ਪ੍ਰਕਿਰਤੀ ਚਿਤਰਨ, ਪ੍ਰੇਮ, ਨਿਰਾਸ਼ਾ, ਕਿਸਮਤ, ਮੌਤ-ਪੂਜਾ ਪਲਾਇਨ, ਦੰਭ, ਪੂਰਵ ਜਨਮ ਕਰਮਫਲ, ਨਾਰੀਵਾਦ ਆਦਿ ਉਸ ਦੀਆਂ ਰਚਨਾਵਾਂ ਦਾ ਸਰੋਕਾਰ ਹਨ।ਉਸ ਦੀ ਸਾਹਿਤ ਸੰਵੇਦਨਾ ਦੇ ਸਨਮੁਖ ਆਸਥਾ ਤੇ ਅਨਾਸਥਾ, ਕਿਸਮਤ ਤੇ ਪੁਰਸ਼ਾਰਥ ਸੰਬੰਧੀ ਅਨੇਕਾਂ ਪ੍ਰਸ਼ਨ ਹਨ ਅਤੇ ਕਰਮ, ਅਸਤਿਤਵ ਨੂੰ ਨਵੇਂ ਧਰਾਤਲ ਤੇ ਸਮਝਣ ਤੇ ਪ੍ਰਸਤੁਤ ਕਰਨ ਦੀ ਚਾਹ ਹੈ।

     ਉਸ ਦੀ ਕਥਾ ਸੰਵੇਦਨਾ ਵੀ ਚੇਤਨਾ ਦੀ ਪਰਚਾਇਕ ਹੈ। ਬਹੁਭਾਸ਼ੀ ਗਿਆਨ ਹੋਣ ਕਰ ਕੇ ਉਸ ਦੇ ਅਨੁਵਾਦ ਵੀ ਮੌਲਿਕਤਾ ਦੀ ਗਵਾਹੀ ਦਿੰਦੇ ਹਨ। ਨਿਰਸੰਦੇਹ ਅਗੇਯ ਇੱਕ ਪ੍ਰਤਿਭਾ ਸੰਪੰਨ ਮੌਲਿਕ ਸਾਹਿਤਕਾਰ ਸੀ। ਉਸ ਨੇ ਹਿੰਦੀ ਕਵਿਤਾ ਵਿੱਚ ਨਵੇਂ-ਨਵੇਂ ਪ੍ਰਯੋਗ ਕਰ ਕੇ ਆਪਣੇ ਯੁੱਗ ਪ੍ਰਵਰਤਕ ਸਾਹਿਤਕਰਮੀ ਹੋਣ ਦਾ ਪਰੀਚੈ ਦਿੱਤਾ। ਇਸ ਲਈ ਇਹ ਮੰਨਣਾ ਉਚਿਤ ਹੋਵੇਗਾ ਕਿ ਅਗੇਯ ਇੱਕ ਯੁੱਗ ਪੁਰਸ਼ ਲੇਖਕ ਸੀ। ਉਸ ਦੀ ਛੋਟੀ ਤੋਂ ਛੋਟੀ ਰਚਨਾ ਵੀ ਡੂੰਘੇ ਅਰਥ ਦੀ ਪ੍ਰਤੀਤੀ ਕਰਾਉਂਦੀ ਹੈ।ਇੱਥੇ ਸਾਂਪ ਕਵਿਤਾ ਦਾ ਉਦਾਹਰਨ ਕਾਫ਼ੀ ਹੋਵੇਗਾ।

     ‘ਸਾਂਪ` ਤੁਮ ਸਭਯ ਤੋ ਹੁਏ ਨਹੀਂ,

     ਸ਼ਹਿਰ ਮੇ ਰਹਿਨਾ ਭੀ ਤੁਮਹੇਂ ਨਹੀਂ ਆਇਆ,

     ਯੇਹ ਦੰਸ਼ ਕਹਾਂ ਸੇ ਸੀਖਾ,

      ਕਹ ! ਯੇਹ ਵਿਸ਼ ਕਹਾਂ ਪਾਇਆ ?


ਲੇਖਕ : ਹੁਕਮ ਚੰਦ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.